ਇਸਲਾਮਾਬਾਦ
ਪਾਕਿਸਤਾਨ ਤਹਰੀਕ-ਏ-ਇਨਸਾਫ (PTI) ਦੇ ਸੰਸਦ ਮੈਂਬਰ ਖੁਰਮ ਜ਼ੀਸ਼ਾਨ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਮੌਤ ਸੰਬੰਧੀ ਫੈਲ ਰਹੀਆਂ ਸਾਰੀਆਂ ਅਫਵਾਹਾਂ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇਮਰਾਨ ਖਾਨ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਇਸ ਵੇਲੇ ਅਦਿਅਲਾ ਜੇਲ੍ਹ ਵਿੱਚ ਕੈਦ ਹਨ।
ਖੁਰਮ ਜ਼ੀਸ਼ਾਨ ਦੇ ਮੁਤਾਬਕ, ਇਮਰਾਨ ਖਾਨ ਨੂੰ ਪਿਛਲੇ ਇੱਕ ਮਹੀਨੇ ਤੋਂ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਤਾਂ ਜੋ ਉਨ੍ਹਾਂ ’ਤੇ ਦਬਾਅ ਬਣਾਇਆ ਜਾ ਸਕੇ ਕਿ ਉਹ ਦੇਸ਼ ਛੱਡ ਕੇ ਚਲੇ ਜਾਣ। ਓਹਨਾਂ ਦਾ ਕਹਿਣਾ ਹੈ ਕਿ ਸਰਕਾਰ ਇਮਰਾਨ ਖਾਨ ਦੀ ਵਧਦੀ ਲੋਕਪ੍ਰਿਯਤਾ ਤੋਂ ਇੰਨੀ ਡਰੀ ਹੋਈ ਹੈ ਕਿ ਉਹ ਉਨ੍ਹਾਂ ਦੀ ਕੋਈ ਵੀ ਤਸਵੀਰ ਜਾਂ ਵੀਡੀਓ ਬਾਹਰ ਨਹੀਂ ਆਉਣ ਦੇ ਰਹੀ।
ਜ਼ੀਸ਼ਾਨ ਨੇ ਇਹ ਵੀ ਦੱਸਿਆ ਕਿ ਇਮਰਾਨ ਖਾਨ ਦੀਆਂ ਭੈਣਾਂ ਨੂੰ ਲਗਭਗ ਇੱਕ ਮਹੀਨੇ ਤੋਂ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ, ਹਾਲਾਂਕਿ ਅਦਾਲਤ ਵੱਲੋਂ ਮਿਲਣ ਦੀ ਆਗਿਆ ਵੀ ਜਾਰੀ ਹੋ ਚੁੱਕੀ ਹੈ। ਇਸ ਹਫਤੇ ਸੋਸ਼ਲ ਮੀਡੀਆ ਦੇ ਕਈ ਅਫ਼ਗਾਨ ਅਕਾਉਂਟਾਂ ਵੱਲੋਂ ਖਾਨ ਦੀ ਮੌਤ ਬਾਰੇ ਝੂਠੀਆਂ ਖਬਰਾਂ ਫੈਲਾਈਆਂ ਗਈਆਂ, ਪਰ ਖੁਰਮ ਜ਼ੀਸ਼ਾਨ ਨੇ ਸਾਫ਼ ਕੀਤਾ ਕਿ ਇਹ ਸਭ ਬੇਬੁਨਿਆਦ ਹੈ।
ਉਹਨਾਂ ਨੇ ਇਹ ਦਾਅਵਾ ਵੀ ਕੀਤਾ ਕਿ ਪਾਕਿਸਤਾਨੀ ਸਰਕਾਰ ਇਮਰਾਨ ਖਾਨ ਨਾਲ ਇੱਕ “ਸੌਦਾ” ਕਰਨ ਦੀ ਕੋਸ਼ਿਸ਼ ਕਰ ਰਹੀ ਹੈ — ਉਨ੍ਹਾਂ ’ਤੇ ਦੇਸ਼ ਛੱਡਣ ਅਤੇ ਚੁੱਪ ਰਹਿਣ ਦਾ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਬਦਲੇ ਵਿੱਚ ਛੋਟਾਂ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਪਰ ਇਮਰਾਨ ਖਾਨ ਕਿਸੇ ਵੀ ਤਰ੍ਹਾਂ ਦੇ ਇਸ ਸਮਝੌਤੇ ਨੂੰ ਮਨਜ਼ੂਰ ਕਰਨ ਵਾਲੇ ਨਹੀਂ।
ਇਨ੍ਹਾਂ ਸਾਰੀਆਂ ਰੋਕਾਂ ਅਤੇ ਦਬਾਵਾਂ ਦੇ ਬਾਵਜੂਦ, ਇਮਰਾਨ ਖਾਨ ਦੀ ਲੋਕਪ੍ਰਿਯਤਾ ਲਗਾਤਾਰ ਵਧਦੀ ਜਾ ਰਹੀ ਹੈ। ਨੌਜਵਾਨ ਪੀੜ੍ਹੀ ਖਾਸ ਤੌਰ ‘ਤੇ PTI ਦੀ ਵਿਚਾਰਧਾਰਾ ਨਾਲ ਵੱਧ ਜੁੜ ਰਹੀ ਹੈ, ਜਿਸ ਨਾਲ ਸਰਕਾਰ ਹੋਰ ਗਭਰਾਈ ਹੋਈ ਹੈ। ਖੁਰਮ ਜ਼ੀਸ਼ਾਨ ਦਾ ਕਹਿਣਾ ਹੈ ਕਿ ਸਰਕਾਰ ਨੂੰ ਡਰ ਹੈ ਕਿ ਜੇ ਇਮਰਾਨ ਖਾਨ ਦੀ ਇੱਕ ਤਸਵੀਰ ਵੀ ਬਾਹਰ ਆ ਗਈ ਤਾਂ ਦੇਸ਼ ਭਰ ਵਿੱਚ ਵੱਡਾ ਪ੍ਰਭਾਵ ਪੈ ਸਕਦਾ ਹੈ।