ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਸਰਕਾਰ ਸੂਬੇ ਦੇ ਸਰਹੱਦੀ ਖੇਤਰਾਂ ਵਿੱਚ ਤਾਇਨਾਤ ਡਾਕਟਰਾਂ ਅਤੇ ਅਧਿਆਪਕਾਂ ਨੂੰ ਵਿਸ਼ੇਸ਼ ਭੱਤਾ ਦੇਵੇਗੀ। ਇਸ ਕਦਮ ਨਾਲ ਬੋਰਡਰ ਬੈਲਟ ਵਿੱਚ ਸਿਹਤ ਸਹੂਲਤਾਂ ਮਜ਼ਬੂਤ ਹੋਣ ਦੇ ਨਾਲ–ਨਾਲ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਵਿੱਚ ਵੀ ਵੱਡੀ ਮਦਦ ਮਿਲੇਗੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੀਮਾ ਨੇ ਦੱਸਿਆ ਕਿ ਅਕਸਰ ਡਾਕਟਰਾਂ ਅਤੇ ਅਧਿਆਪਕਾਂ ਦੀ ਭਰਤੀ ਤਾਂ ਸਰਹੱਦੀ ਖੇਤਰਾਂ ਲਈ ਹੁੰਦੀ ਹੈ ਪਰ ਉਹ ਕਿਸੇ ਹੋਰ ਜ਼ਿਲ੍ਹੇ ਜਾਂ ਖੇਤਰ ਵਿੱਚ ਆਪਣੀ ਤਬਾਦਲਾ ਕਰਵਾ ਲੈਂਦੇ ਹਨ, ਜਿਸ ਨਾਲ ਬੋਰਡਰ ਖੇਤਰਾਂ ਵਿੱਚ ਸਟਾਫ ਦੀ ਘਾਟ ਬਣੀ ਰਹਿੰਦੀ ਹੈ।
ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੀ ਪਹਿਲੇ ਦਿਨ ਤੋਂ ਹੀ ਸਿਹਤ ਅਤੇ ਸਿੱਖਿਆ ਪ੍ਰਾਥਮਿਕਤਾ ਰਹੀ ਹੈ ਅਤੇ ਸਮੇਂ-ਸਮੇਂ ‘ਤੇ ਇਨ੍ਹਾਂ ਖੇਤਰਾਂ ਵਿੱਚ ਇਨਕਲਾਬੀ ਸੁਧਾਰ ਲਿਆਂਦੇ ਗਏ ਹਨ। ਚੀਮਾ ਨੇ ਖੁਲਾਸਾ ਕੀਤਾ ਕਿ ਸਰਕਾਰ ਨੇ ਅਧਿਆਪਕਾਂ ਅਤੇ ਡਾਕਟਰਾਂ ਦਾ ਇੱਕ ਖਾਸ ਪੈਨਲ ਤਿਆਰ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਸਰਹੱਦੀ ਖੇਤਰਾਂ ਵਿੱਚ ਡਿਊਟੀ ਲਈ ਵਾਧੂ ਇਨਸੈਂਟਿਵ ਦਿੱਤੇ ਜਾਣਗੇ।
ਸਰਕਾਰ ਦੇ ਇਸ ਫ਼ੈਸਲੇ ਤੋਂ ਉਮੀਦ ਹੈ ਕਿ ਸਰਹੱਦੀ ਪੱਟੀ ਵਿੱਚ ਜਰੂਰੀ ਸੇਵਾਵਾਂ ਨੂੰ ਨਵੀਂ ਤਾਕਤ ਮਿਲੇਗੀ ਅਤੇ ਲੋਕਾਂ ਨੂੰ ਬਿਹਤਰ ਸਿੱਖਿਆ–ਸਿਹਤ ਸਹੂਲਤਾਂ ਉਪਲਬਧ ਹੋ ਸਕਣਗੀਆਂ।