Chandigarh Property dealer Murder : ਚੰਡੀਗੜ੍ਹ ਦੇ ਸੈਕਟਰ 9 ਵਿੱਚ ਬੀਤੇ ਦਿਨੀਂ ਹੋਏ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਨਾਗਰਾ ਉਰਫ ਚੀਨੀ ਕੁਬਾਹੇੜੀ ਦੇ ਕਤਲ ਮਾਮਲੇ ‘ਚ ਪੰਜਾਬ ਪੁਲਿਸ ਨੇ ਦੋ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਕੈਥਲ ਵਿੱਚ ਮੁਕਾਬਲੇ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਦੋਵਾਂ ਵਿਅਕਤੀਆਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ। ਪੁਲਿਸ ਦੀ ਸਖ਼ਤ ਸੁਰੱਖਿਆ ਵਿੱਚ ਦੋਹਾਂ ਮੁਲਜ਼ਮਾਂ ਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।
ਪੰਜਾਬ AGTF ਨਾਲ ਮੁਕਾਬਲੇ ਦੌਰਾਨ ਦੋਵਾਂ ਦੀਆਂ ਲੱਤਾਂ ਵਿੱਚ ਗੋਲੀਆਂ ਲੱਗੀਆਂ ਹਨ। ਪੁਲਿਸ ਸੂਤਰਾਂ ਮੁਤਾਬਿਕ ਉਨ੍ਹਾਂ ਨੂੰ ਸੈਕਟਰ 32 ਦੇ ਸਰਕਾਰੀ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਸੀ ,ਜਿੱਥੇ ਉਹ ਜੇਰੇ ਇਲਾਜ ਹਨ। ਦੱਸਿਆ ਜਾ ਰਿਹਾ ਕਿ ਐਨਕਾਊਂਟਰ ਤੋਂ ਬਾਅਦ ਜਦੋਂ ਉਹਨਾਂ ਨੂੰ ਉੱਥੇ ਹਸਪਤਾਲ ਦਾਖਲ ਕਰਵਾਇਆ ਗਿਆ ਤਾਂ ਮੁਲਜ਼ਮਾਂ ਦੀ ਹਾਲਾਤ ਠੀਕ ਨਹੀਂ ਸੀ। ਜਿਸ ਤੋਂ ਬਾਅਦ ਉਹਨਾਂ ਨੂੰ ਪੀਜੀਆਈ ਰੈਫਰ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਸਰਜਰੀ ਹੋਣੀ ਹੈ। ਆਰੋਪੀਆਂ ਦੀ ਪਛਾਣ ਰਾਜਨ ਉਰਫ਼ ਪੀਯੂਸ਼ ਪਹਿਲਵਾਨ, ਫਿਰੋਜ਼ਪੁਰ ਦਾ ਰਹਿਣ ਵਾਲਾ ਹੈ। ਕੁਝ ਸਮਾਂ ਪਹਿਲਾਂ, ਉਹ ਮਲੇਸ਼ੀਆ ਤੋਂ ਨੇਪਾਲ ਰਾਹੀਂ ਗੈਰ-ਕਾਨੂੰਨੀ ਢੰਗ ਨਾਲ ਭਾਰਤ ਵਿਚ ਦਾਖਲ ਹੋਇਆ ਸੀ। ਦੂਜਾ ਆਰੋਪੀ ਪ੍ਰੀਤਮ ਸ਼ਾਹ, ਨਵਾਂਸ਼ਹਿਰ ਦਾ ਰਹਿਣ ਵਾਲਾ ਹੈ। ਦੋਵਾਂ ਵਿਰੁੱਧ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ।
ਪੁਲਿਸ ਸੂਤਰਾਂ ਤੋਂ ਪਤਾ ਚੱਲਦਾ ਹੈ ਕਿ ਗੈਂਗਸਟਰ ਗੌਰਵ ਪਟਿਆਲ ਨੇ ਚਰਨਪ੍ਰੀਤ ਸਿੰਘ ਨਾਗਰਾ ਦੇ ਕਤਲ ਨੂੰ ਅੰਜਾਮ ਦੇਣ ਲਈ ਰਾਜਨ ਨੂੰ ਹਾਇਰ ਕੀਤਾ ਸੀ। ਰਾਜਨ ਇਸ ਮਕਸਦ ਲਈ ਵਿਸ਼ੇਸ਼ ਤੌਰ ‘ਤੇ 15 ਜਨਵਰੀ ਨੂੰ ਮਲੇਸ਼ੀਆ ਤੋਂ ਭਾਰਤ ਆਇਆ ਸੀ। ਉਸਨੇ ‘ਜ਼ਿੰਗ’ ਮੋਬਾਈਲ ਐਪਲੀਕੇਸ਼ਨ ਦੀ ਵਰਤੋਂ ਕਰਕੇ ਪਟਿਆਲ ਨਾਲ ਸੰਪਰਕ ਬਣਾਈ ਰੱਖਿਆ।
ਬਦਮਾਸ਼ਾਂ ਨੂੰ ਚੀਨੀ ਕੁਬਾਹੇੜੀ ਦੇ ਰੈਗੂਲਰ ਜਿੰਮ ਜਾਣ ਬਾਰੇ ਜਾਣਕਾਰੀ ਸੀ। ਇਸ ਸਮੇਂ ਦੌਰਾਨ ਰਾਜਨ ਨੇ ਚੰਡੀਗੜ੍ਹ, ਕੈਥਲ (ਹਰਿਆਣਾ) ਅਤੇ ਮੋਹਾਲੀ ਵਿੱਚ ਰਹਿੰਦਿਆਂ ਜਾਸੂਸੀ ਕਾਰਵਾਈਆਂ ਕੀਤੀਆਂ। ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਕੈਥਲ ਵਿੱਚ ਲੁਕ ਗਿਆ, ਜਿੱਥੇ ਪੁਲਿਸ ਨਾਲ ਬਾਅਦ ਵਿੱਚ ਮੁਕਾਬਲਾ ਹੋਇਆ।
ਅਜੇ ਤੱਕ ਪਰਿਵਾਰ ਨੇ ਪੋਸਟਮਾਰਟਮ ਜਾਂਚ ਲਈ ਆਪਣੀ ਸਹਿਮਤੀ ਨਹੀਂ ਦਿੱਤੀ ਹੈ। ਪਿੰਡ ਵਾਸੀ ਅਤੇ ਮ੍ਰਿਤਕ ਦੇ ਪਰਿਵਾਰ ਦੇ ਮੈਂਬਰ ਨਿਊ ਚੰਡੀਗੜ੍ਹ ਸਥਿਤ ਉਸਦੇ ਦਫ਼ਤਰ ਵਿੱਚ ਇਕੱਠੇ ਹੋਏ ਹਨ, ਜਿੱਥੇ ਉਹ ਇਸ ਵੇਲੇ ਵਿਚਾਰ-ਵਟਾਂਦਰਾ ਕਰ ਰਹੇ ਹਨ ਅਤੇ ਇੱਕ ਰਣਨੀਤੀ ਬਣਾ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦੀ ਹੀ ਸੈਕਟਰ 3 ਵਿੱਚ ਪੁਲਿਸ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਨਗੇ।