Free Punjab Alert — Header + Desktop Mega Menu (fixed)

Punjab News : ਗ੍ਰਿਫਤਾਰੀ ਤੋਂ ਬਾਅਦ ਲਾਲਜੀਤ ਭੁੱਲਰ ਦਾ ਪਹਿਲਾ ਬਿਆਨ ਆਇਆ ਸਾਹਮਣੇ , ਆਤਮ ਸਮਰਪਣ ਕਰਨ ਦਾ ਕੀਤਾ ਦਾਅਵਾ

DM Gagandeep Randhawa Suicide Case  : ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਡਾ. ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਮਾਮਲੇ ‘ਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਸਾਬਕਾ ਮੰਤਰੀ ਲਾਲਜੀਤ ਭੁੱਲਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਫ਼ਤਹਿਗੜ੍ਹ ਸਾਹਿਬ ਪੁਲਿਸ ਦੀ ਮਦਦ ਨਾਲ ਲਾਲਜੀਤ ਸਿੰਘ ਭੁੱਲਰ ਨੂੰ ਮੰਡੀ ਗੋਬਿੰਦਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਿਸ ਚ ਉਨ੍ਹਾਂ ਕਿਹਾ ਕਿ “ਮੈਂ ਹਰ ਵਾਰ ਆਪਣੇ ਹਰ ਕਦਮ ਦੀ ਸ਼ੁਰੂਆਤ ਪਰਮਾਤਮਾ ਨੂੰ ਹਾਜ਼ਰ-ਨਾਜ਼ਰ ਮੰਨ ਕੇ ਕੀਤੀ ਹੈ। ਮੇਰੇ ਲਈ ਮੇਰੇ ਲੋਕ ਹੀ ਮੇਰਾ ਰੱਬ ਹਨ, ਉਹਨਾਂ ਦੇ ਚਿਹਰਿਆਂ ਵਿੱਚ ਮੈਂ ਹਮੇਸ਼ਾ ਰੱਬ ਦੀ ਝਲਕ ਵੇਖੀ ਹੈ। ਮੇਰੀ ਜ਼ਿੰਦਗੀ ਦਾ ਹਰ ਫੈਸਲਾ ਉਹਨਾਂ ਦੀ ਭਲਾਈ ਅਤੇ ਸੱਚਾਈ ਦੇ ਰਾਹ ਤੇ ਚੱਲਣ ਲਈ ਹੀ ਰਿਹਾ ਹੈ ਪਰ ਅੱਜ ਜਿਹੜੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਕਿ ਮੈਂ ਫਰਾਰ ਹੋ ਗਿਆ ਹਾਂ… ਇਹ ਸੱਚ ਨਹੀਂ ਹੈ। ਮੈਂ ਕਦੇ ਵੀ ਸੱਚ ਤੋਂ ਭੱਜਣ ਵਾਲਾ ਨਹੀਂ ਹਾਂ। ਮੈਨੂੰ ਦੇਸ਼ ਦੇ ਕਾਨੂੰਨ ‘ਤੇ ਪੂਰਾ ਭਰੋਸਾ ਹੈ, ਅਤੇ ਨਿਆਂ ਪ੍ਰਣਾਲੀ ‘ਤੇ ਵੀ ਅਟੱਲ ਵਿਸ਼ਵਾਸ ਹੈ। ਮੈਂ ਕਿਤੇ ਵੀ ਨਹੀਂ ਭੱਜਿਆ, ਮੈਂ ਆਪਣੇ ਪੰਜਾਬ ਵਿੱਚ ਹੀ ਹਾਂ। ਸੱਚਾਈ ਅਤੇ ਇਨਸਾਫ ‘ਤੇ ਯਕੀਨ ਰੱਖਦਿਆਂ, ਮੈਂ ਖੁਦ ਮੰਡੀ ਗੋਬਿੰਦਗੜ੍ਹ ਵਿਖੇ ਆਤਮ ਸਮਰਪਣ ਕਰ ਰਿਹਾ ਹਾਂ”

ਹੁਣ ਸੀਬੀਆਈ ਨੂੰ ਸੌਂਪੀ ਜਾ ਸਕਦੀ ਮਾਮਲੇ ਦੀ ਜਾਂਚ

ਸੋਮਵਾਰ ਨੂੰ ਕਾਂਗਰਸ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਲੋਕ ਸਭਾ ਵਿੱਚ ਇਹ ਮੁੱਦਾ ਉਠਾਇਆ, ਜਿਸ ਕਾਰਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਉਹ ਜਾਂਚ ਸੀਬੀਆਈ ਨੂੰ ਸੌਂਪ ਦੇਣਗੇ।  ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕ ਸਭਾ ਵਿੱਚ ਕਿਹਾ, “ਇਹ ਪੰਜਾਬ ਰਾਜ ਦਾ ਮਾਮਲਾ ਹੈ। ਪੰਜਾਬ ਦੇ ਸਾਰੇ ਸੰਸਦ ਮੈਂਬਰ ਲਿਖ ਕੇ ਦੇਣ ਤਾਂ ਤੁਰੰਤ ਇਹ ਮਾਮਲਾ ਸੀ.ਬੀ.ਆਈ. ਨੂੰ ਟਰਾਂਸਫਰ ਕਰ ਦਿੱਤਾ ਜਾਵੇਗਾ।

ਇਸ ਤੋਂ ਬਾਅਦ ਸੱਤ ਕਾਂਗਰਸ ਸੰਸਦ ਮੈਂਬਰਾਂ ਵਿੱਚੋਂ ਚਾਰ ਨੇ ਅਮਿਤ ਸ਼ਾਹ ਨੂੰ ਇੱਕ ਪੱਤਰ ਭੇਜਿਆ। ਪੱਤਰ ‘ਤੇ ਜਲੰਧਰ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ, ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਤੇ ਪਟਿਆਲਾ ਦੇ ਸੰਸਦ ਮੈਂਬਰ ਧਰਮਵੀਰ ਗਾਂਧੀ ਦੇ ਦਸਤਖਤ ਹਨ। ਹਾਲਾਂਕਿ ਲੁਧਿਆਣਾ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ, ਫਤਿਹਗੜ੍ਹ ਸਾਹਿਬ ਦੇ ਸੰਸਦ ਮੈਂਬਰ ਅਮਰ ਸਿੰਘ ਅਤੇ ਫਿਰੋਜ਼ਪੁਰ ਦੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਸਾਇਨ ਨਹੀਂ ਹਨ।

ਦੱਸ ਦੇਈਏ ਕਿ ਰੰਧਾਵਾ ਦਾ ਅਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਹੈ। ਉਸ ਦੀ ਲਾਸ਼ ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਰੱਖਿਆ ਗਿਆ ਹੈ। ਡੀਸੀਪੀ ਨੇ ਬੰਦ ਦਰਵਾਜ਼ਿਆਂ ਪਿੱਛੇ ਪਰਿਵਾਰ ਨਾਲ ਗੱਲਬਾਤ ਕੀਤੀ। ਪਰਿਵਾਰ ਫਿਲਹਾਲ ਸੀਬੀਆਈ ਜਾਂਚ ਅਤੇ ਪੀਜੀਆਈ ਬੋਰਡ ਤੋਂ ਪੋਸਟਮਾਰਟਮ ਦੀ ਮੰਗ ਕਰ ਰਿਹਾ ਹੈ। ਡੀਸੀਪੀ ਪਰਿਵਾਰ ਤੋਂ ਗਗਨਦੀਪ ਦਾ ਮੋਬਾਈਲ ਵੀ ਲੈਣਾ ਚਾਹੁੰਦਾ ਸੀ। ਡੀਸੀਪੀ ਨੇ ਕਿਹਾ ਕਿ ਇਸ ਵਿੱਚ ਕੁਝ ਸਬੂਤ ਹੋ ਸਕਦੇ ਹਨ ਪਰ ਪਰਿਵਾਰ ਨੇ ਦੇਣ ਤੋਂ ਇਨਕਾਰ ਕਰ ਦਿੱਤਾ।