Free Punjab Alert — Header + Desktop Mega Menu (fixed)

Punjab News: ਪੰਜਾਬ ‘ਚ ਵੱਡੀ ਵਾਰਦਾਤ, ‘ਆਪ’ ਸਰਪੰਚ ‘ਤੇ ਜਾਨਲੇਵਾ ਹਮਲਾ: ਤਲਵਾਰਾਂ ਲੈ ਕੇ ਕਲੀਨਿਕ ਵਿੱਚ ਦਾਖਲ ਹੋਏ ਬਦਮਾਸ਼; ਫਿਰ…

Fatehgarh Sahib News: ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੇ ਇੱਕ ਵਾਰ ਫਿਰ ਤੋਂ ਲੋਕਾਂ ਵਿਚਾਲੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਦੱਸ ਦੇਈਏ ਕਿ ਇਸ ਵਿਚਾਲੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਦੇ ਪਿੰਡ ਸ਼ਾਹਪੁਰ ਤੋਂ ਹੈਰਾਨ ਕਰਨ ਵਾਲੀ ਖਬਰ  ਸਾਹਮਣੇ ਆ ਰਹੀ ਹੈ। ਦਰਅਸਲ, ਨਸ਼ਿਆਂ ਦੇ ਖਿਲਾਫ ਖੁੱਲ੍ਹ ਕੇ ਬੋਲਣ ਵਾਲੇ ਸਰਪੰਚ ‘ਤੇ ਜਾਨਲੇਵਾ ਹਮਲਾ ਕੀਤਾ ਗਿਆ ਹੈ।

ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਵਾਰਦਾਤ

ਮਿਲੀ ਜਾਣਕਾਰੀ ਮੁਤਾਬਕ, ਪਿੰਡ ਸ਼ਾਹਪੁਰ ਦੇ ਸਰਪੰਚ ਡਾਕਟਰ ਜਸਵਿੰਦਰ ਸਿੰਘ ‘ਤੇ ਅੱਜ ਸਵੇਰੇ ਕਰੀਬ 6 ਵਜੇ ਹਮਲਾ ਹੋਇਆ। ਉਸ ਵੇਲੇ ਉਹ ਆਪਣੇ ਕਲੀਨਿਕ ਵਿੱਚ ਮੌਜੂਦ ਸਨ, ਜਦੋਂ ਅਚਾਨਕ ਕੁਝ ਹਥਿਆਰਬੰਦ ਨੌਜਵਾਨ ਉੱਥੇ ਪਹੁੰਚੇ ਅਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਹਮਲਾਵਰਾਂ ਦੀ ਇਹ ਸਾਰੀ ਕਰਤੂਤ ਉੱਥੇ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ, ਜੋ ਹੁਣ ਜਾਂਚ ਲਈ ਅਹਿਮ ਸਬੂਤ ਬਣ ਸਕਦੀ ਹੈ। ਘਟਨਾ ਦੌਰਾਨ ਸਰਪੰਚ ਦੇ ਨਾਲ ਮੌਜੂਦ ਉਨ੍ਹਾਂ ਦੇ ਇੱਕ ਸਹਿਯੋਗੀ ਨੂੰ ਵੀ ਸੱਟਾਂ ਲੱਗੀਆਂ ਹਨ। ਦੋਵਾਂ ਨੂੰ ਤੁਰੰਤ ਇਲਾਜ ਲਈ ਅਮਲੋਹ ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ ਗਿਆ, ਜਿੱਥੇ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ 32 ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।

ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾ ਰਿਹਾ ਸੀ ਸਰਪੰਚ ਸੂਤਰਾਂ ਅਨੁਸਾਰ, ਸਰਪੰਚ ਡਾਕਟਰ ਜਸਵਿੰਦਰ ਸਿੰਘ ਪਿੰਡ ਵਿੱਚ ਨਸ਼ਿਆਂ ਦੇ ਵਿਰੁੱਧ ਲਗਾਤਾਰ ਮੁਹਿੰਮ ਚਲਾ ਰਹੇ ਸਨ ਅਤੇ ਇਸ ਮਾਮਲੇ ‘ਤੇ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕਰਦੇ ਰਹੇ ਹਨ। ਇਸ ਕਾਰਨ ਇਸ ਹਮਲੇ ਨੂੰ ਉਸੇ ਸੰਦਰਭ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ, ਹਾਲਾਂਕਿ ਪੁਲਿਸ ਵੱਲੋਂ ਅਜੇ ਤੱਕ ਕਿਸੇ ਤਰ੍ਹਾਂ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਗਈ।

ਘਟਨਾ ਦੇ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪਿੰਡ ਵਾਸੀਆਂ ਵਿੱਚ ਗੁੱਸਾ ਵੀ ਦੇਖਣ ਨੂੰ ਮਿਲ ਰਿਹਾ ਹੈ। ਲੋਕਾਂ ਵੱਲੋਂ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹਮਲਾਵਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਇੱਕ ਵਾਰ ਫਿਰ ਸਵਾਲ ਖੜ੍ਹੇ ਕਰ ਦਿੱਤੇ ਹਨ ਕਿ ਕੀ ਨਸ਼ਿਆਂ ਦੇ ਖਿਲਾਫ ਆਵਾਜ਼ ਚੁੱਕਣਾ ਹੁਣ ਖਤਰੇ ਤੋਂ ਖਾਲੀ ਨਹੀਂ ਰਿਹਾ? ਹੁਣ ਸਾਰੇ ਦੀਆਂ ਨਜ਼ਰਾਂ ਪੁਲਿਸ ਦੀ ਜਾਂਚ ‘ਤੇ ਟਿਕੀਆਂ ਹੋਈਆਂ ਹਨ ਕਿ ਦੋਸ਼ੀਆਂ ਨੂੰ ਕਦੋਂ ਤੱਕ ਕਾਬੂ ਕੀਤਾ ਜਾਂਦਾ ਹੈ।