ਚੰਡੀਗੜ੍ਹ: ਮੋਗਾ ਦੇ ਕਿੱਲੀ ਚਾਹਲ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ‘ਬਦਲਾਅ ਰੈਲੀ’ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਮਾਨ ਨੇ ਅਮਿਤ ਸ਼ਾਹ ਦੇ ਦੌਰੇ ਨੂੰ ਪੰਜਾਬ ਲਈ “ਨਿਰਾਸ਼ਾਜਨਕ” ਦੱਸਦਿਆਂ ਕਿਹਾ ਕਿ ਗ੍ਰਹਿ ਮੰਤਰੀ ਪੰਜਾਬ ਆਏ ਤਾਂ ਸਨ, ਪਰ ਸੂਬੇ ਦੀਆਂ ਅਸਲ ਲੋੜਾਂ ਅਤੇ ਮੰਗਾਂ ਬਾਰੇ ਇੱਕ ਸ਼ਬਦ ਵੀ ਨਹੀਂ ਬੋਲੇ।
ਪੰਜਾਬ ਦੇ ਅਸਲ ਮੁੱਦਿਆਂ ‘ਤੇ ਚੁੱਪੀ
ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਅਤੇ ਆਮ ਲੋਕ ਉਮੀਦ ਕਰ ਰਹੇ ਸਨ ਕਿ ਕੇਂਦਰ ਸਰਕਾਰ ਵੱਲੋਂ ਕੋਈ ਵੱਡਾ ਐਲਾਨ ਹੋਵੇਗਾ। ਮਾਨ ਨੇ ਸਵਾਲ ਚੁੱਕਿਆ ਕਿ ਅਮਿਤ ਸ਼ਾਹ ਨੇ ਆਪਣੀ ਪੂਰੀ ਤਕਰੀਰ ਦੌਰਾਨ ਐਮ.ਐਸ.ਪੀ. (MSP) ਦੀ ਕਾਨੂੰਨੀ ਗਾਰੰਟੀ, ਕਿਸਾਨੀ ਕਰਜ਼ਾ ਮੁਆਫ਼ੀ ਅਤੇ ਪੰਜਾਬ ਲਈ ਕਿਸੇ ਵਿਸ਼ੇਸ਼ ਆਰਥਿਕ ਪੈਕੇਜ ਦਾ ਜ਼ਿਕਰ ਤੱਕ ਕਿਉਂ ਨਹੀਂ ਕੀਤਾ? ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਅਤੇ ਕਿਸਾਨੀ ਨੂੰ ਬਚਾਉਣ ਲਈ ਇਹ ਮੁੱਦੇ ਸਭ ਤੋਂ ਅਹਿਮ ਹਨ, ਜਿਨ੍ਹਾਂ ਨੂੰ ਗ੍ਰਹਿ ਮੰਤਰੀ ਨੇ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ।
ਭਾਜਪਾ ਨੂੰ ਦੱਸਿਆ ‘ਸਕੂਟਰ ਪਾਰਟੀ’
ਅਮਿਤ ਸ਼ਾਹ ਵੱਲੋਂ 2027 ਵਿੱਚ ਇਕੱਲਿਆਂ ਚੋਣ ਲੜਨ ਦੇ ਐਲਾਨ ‘ਤੇ ਚੁਟਕੀ ਲੈਂਦਿਆਂ ਭਗਵੰਤ ਮਾਨ ਨੇ ਭਾਜਪਾ ਨੂੰ ‘ਸਕੂਟਰ ਪਾਰਟੀ’ ਕਰਾਰ ਦਿੱਤਾ। ਉਨ੍ਹਾਂ ਕਿਹਾ, “ਪੰਜਾਬ ਵਿੱਚ ਭਾਜਪਾ ਦਾ ਅਧਾਰ ਇੰਨਾ ਸੀਮਤ ਹੈ ਕਿ ਉਨ੍ਹਾਂ ਕੋਲ ਸਾਰੀਆਂ 117 ਸੀਟਾਂ ‘ਤੇ ਚੋਣ ਲੜਨ ਲਈ ਆਪਣੇ ਉਮੀਦਵਾਰ ਤੱਕ ਨਹੀਂ ਹਨ। ਇਕੱਲੇ ਚੋਣ ਲੜਨ ਦੇ ਦਾਅਵੇ ਕਰਨ ਵਾਲੀ ਪਾਰਟੀ ਪਹਿਲਾਂ ਆਪਣੇ ਉਮੀਦਵਾਰ ਤਾਂ ਪੂਰੇ ਕਰ ਲਵੇ।”
ਪੰਜਾਬ ਦੇ ਹੱਕਾਂ ਦੀ ਗੱਲ
ਮਾਨ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਹੱਕਾਂ ਲਈ ਲੜਦੀ ਰਹੇਗੀ। ਉਨ੍ਹਾਂ ਕਿਹਾ ਕਿ ਕੇਂਦਰ ਨੂੰ ਚਾਹੀਦਾ ਹੈ ਕਿ ਉਹ ਸਿਆਸੀ ਰੈਲੀਆਂ ਕਰਨ ਦੀ ਬਜਾਏ ਪੰਜਾਬ ਦੇ ਰੁਕੇ ਹੋਏ ਫੰਡ ਜਾਰੀ ਕਰੇ ਅਤੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪ੍ਰਵਾਨ ਕਰੇ।