Free Punjab Alert — Header + Desktop Mega Menu (fixed)

216 ਕੁੜੀਆਂ ਦੇ ਸਮੂਹਕ ਵਿਆਹ ’ਚ ਇਕ ਜੋੜੇ ਦੀ ਕਰਤੂਤ ਨੇ ਮਾਰਿਆ ਦਾਗ—ਤਿੰਨ ਸਾਲ ਪਹਿਲਾਂ ਵਿਆਹੇ ਜੋੜੇ ਨੇ ਸਮਾਨ ਦੇ ਲਾਲਚ ’ਚ ਕਰਵਾ ਲਿਆ ਦੋਬਾਰਾ ਵਿਆਹ!

ਜਲਾਲਾਬਾਦ

ਸਾਡੇ ਇਲਾਕੇ ਦੇ ਮਸ਼ਹੂਰ ਸਿਆਸਤਦਾਨ ਅਤੇ ਸਾਬਕਾ ਵਿਧਾਇਕ ਰਮਿੰਦਰ ਆਂਵਲਾ ਇਕ ਵਾਰ ਫਿਰ ਚਰਚਾ ’ਚ ਹਨ—ਪਰ ਇਸ ਵਾਰ ਕਾਰਨ ਹੈ ਉਨ੍ਹਾਂ ਵੱਲੋਂ ਕਰਵਾਇਆ ਗਿਆ ਵੱਡਾ ਅਤੇ ਸ਼ਾਨਦਾਰ ਸਮੂਹਕ ਵਿਆਹ। ਕਾਰੋਬਾਰੀ ਤੇ ਧਨਾਢ ਆਂਵਲਾ ਨੇ ਪਿਛਲੇ ਦਿਨੀਂ 216 ਕੁੜੀਆਂ ਦਾ ਵਿਆਹ ਮਹਾਂ ਸਮਾਗਮ ਰਚ ਕੇ ਲੋਕਾਂ ਦੇ ਦਿਲ ਜਿੱਤ ਲਏ। ਪ੍ਰਬੰਧ ਐਨਾ ਤਗੜਾ ਸੀ ਕਿ ਬੰਦੇ ਕਹਿੰਦੇ ਕਿ ਆਂਵਲਾ ਨੇ “ਵੱਟ ਹੀ ਕੱਢ ਦਿੱਤੇ”। ਉੱਤੋਂ ਰੱਜ ਕੇ ਦਾਜ਼ ਸਮਾਨ ਵੀ ਦਿੱਤਾ ਗਿਆ।

ਪਰ ਖੁਸ਼ੀਆਂ ਦੇ ਇਸ ਸਮੁੰਦਰ ’ਚ ਇੱਕ ਕੰਡਾ ਵੀ ਨਿਕਲ ਪਿਆ।

ਤਿੰਨ ਸਾਲ ਪਹਿਲਾਂ ਵਿਆਹਿਆ ਜੋੜਾ ਦੁਬਾਰਾ ਮੰਡਪ ਵਿੱਚ!

ਪਤਾ ਲੱਗਿਆ ਕਿ ਸਮਾਨ ਦੇ ਲਾਲਚ ’ਚ ਇੱਕ ਜੋੜੇ ਨੇ ਜੋ ਪਹਿਲਾਂ ਹੀ ਤਿੰਨ ਸਾਲ ਪਹਿਲਾਂ ਵਿਆਹ ਕਰ ਚੁੱਕਿਆ ਸੀ, ਮੁੜ ਇਸ ਸਮੂਹਕ ਵਿਆਹ ’ਚ ਸ਼ਾਮਲ ਹੋ ਕੇ “ਨਵੀਂ ਜੋੜੀ” ਵਜੋਂ ਫੇਰੇ ਲੈ ਲਏ। ਹੈਰਾਨੀ ਦੀ ਗੱਲ ਇਹ ਕਿ ਦੋਵਾਂ ਦਾ ਇੱਕ ਦੋ ਸਾਲ ਦਾ ਮੁੰਡਾ ਵੀ ਹੈ।

ਸਰਪੰਚ ਨੇ ਕਿਹਾ—ਮੈਨੂੰ ਝੂਠ ਬੋਲ ਕੇ ਤਸਦੀਕ ਕਰਵਾ ਲਈ

ਪਿੰਡ ਦੀ ਸਰਪੰਚ ਨੇ ਕਿਹਾ ਕਿ ਉਹ ਅਨਪੜ੍ਹ ਹੈ ਤੇ ਇਸ ਜੋੜੇ ਨੇ ਝੂਠ ਬੋਲ ਕੇ ਉਸ ਤੋਂ ਦਸਤਾਵੇਜ਼ ਤਸਦੀਕ ਕਰਵਾ ਲਏ। ਪ੍ਰਬੰਧਕਾਂ ਨੂੰ ਵੀ ਸਮਾਗਮ ਦੌਰਾਨ ਕੁਝ ਸ਼ੱਕ ਤਾਂ ਪੈ ਗਿਆ ਸੀ, ਪਰ ਵੱਡਾ ਪ੍ਰੋਗਰਾਮ ਸ਼ਾਂਤੀ ਨਾਲ ਨੇਪਰੇ ਚੜ੍ਹਾਉਣ ਲਈ ਉਨ੍ਹਾਂ ਨੇ ਉਸ ਵੇਲੇ ਕੁਝ ਨਹੀਂ ਕਿਹਾ।

ਹੁਣ ਸੋਸ਼ਲ ਮੀਡੀਆ ‘ਤੇ ਟਰੋਲਿੰਗ ਅਤੇ ਕਾਰਵਾਈ ਦੀ ਮੰਗ

ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਇਸ ਜੋੜੇ ਦੀ ਟਰੋਲਿੰਗ ਹੋ ਰਹੀ ਹੈ ਅਤੇ ਕਾਰਵਾਈ ਦੀ ਮੰਗ ਵੀ ਤੀਬਰ ਹੋ ਰਹੀ ਹੈ। ਪਰ ਕਈ ਲੋਕ ਕਹਿੰਦੇ ਹਨ ਕਿ ਜੋੜੇ ਤੋਂ ਭੁੱਲ ਹੋਈ ਹੈ, ਪਰ ਉਨ੍ਹਾਂ ਦੇ ਦੋ ਸਾਲ ਦੇ ਜੁਆਕ ਦੀ ਖਾਤਿਰ ਸਖ਼ਤ ਕਾਰਵਾਈ ਦੀ ਥਾਂ ਲਿਖਤ ਮਾਫ਼ੀ ਲੈ ਕੇ ਛੱਡ ਦੇਣਾ ਚਾਹੀਦਾ ਹੈ।

ਕਿਉਂਕਿ ਕਈ ਵਾਰ ਲਾਲਚ ਮਨਾਂ ’ਤੇ ਭਾਰੀ ਪੈ ਜਾਂਦਾ ਹੈ, ਪਰ ਆਂਵਲਾ ਵੱਲੋਂ ਕੀਤੇ ਇਨ੍ਹਾਂ ਭਲੇ ਉੱਦਮਾਂ ’ਤੇ ਇਸ ਇਕ ਕਰਤੂਤ ਦਾ ਦਾਗ ਨਹੀਂ ਪੈਣਾ ਚਾਹੀਦਾ।