ਸਥਾਨਕ ਹੋਟਲ ਵਿਚ ਸੁੰਦਰ ਲੜਕੀਆਂ ਦੇ ਮੁਕਾਬਲੇ ਕਰਵਾਉਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰਬੰਧਕਾਂ ਨੇ ਕਿਹਾ ਹੈ ਕਿ ਸਭ ਤੋਂ ਸੁੰਦਰ ਲੜਕੀ ਨੂੰ ਕੈਨੇਡਾ ਵਿਚ ਪੱਕੇ ਲੜਕੇ ਨਾਲ ਵਿਆਹ ਦੀ ਪੇਸ਼ਕਸ਼ ਦੇਣਗੇ। ਇਸ ਤਰ੍ਹਾਂ ਦੇ ਪੋਸਟਰ ਸ਼ਹਿਰ ਦੀਆਂ ਕੰਧਾਂ ’ਤੇ ਚਿਪਕਾਏ ਗਏ ਹਨ, ਜਿਸ ’ਤੇ ਵਿਦੇਸ਼ੀ ਨੰਬਰ ਤੋਂ ਇਲਾਵਾ ਦੋ ਹੋਰ ਮੋਬਾਈਲ ਨੰਬਰ ਸੰਪਰਕ ਲਈ ਦਿੱਤੇ ਗਏ ਹਨ। ਪੋਸਟਰ ਵਿਚ ਉੱਪਰ ਮੋਟੇ ਅੱਖਰਾਂ ਵਿਚ ਸੁੰਦਰ ਲੜਕੀਆਂ ਦਾ ਮੁਕਾਬਲਾ ਲਿਖਿਆ ਗਿਆ ਹੈ। ਸ਼ਹਿਰ ਦੀਆਂ ਕੰਧਾਂ ’ਤੇ ਲਾਏ ਪੋਸਟਰ ਵਿਚ ਲਿਖਿਆ ਗਿਆ ਹੈ ਕਿ ਇਕ ਵਿਸ਼ੇਸ਼ ਹੋਟਲ ਵਿਚ 12 ਅਕਤੂਬਰ 2022 ਨੂੰ ਸਮਾਂ 12 ਤੋਂ 2 ਵਜੇ ਜਨਰਲ ਕਾਸਟ ਦੀਆਂ ਸੁੰਦਰ ਲੜਕੀਆਂ ਦਾ ਮੁਕਾਬਲਾ ਰੱਖਿਆ ਗਿਆ ਹੈ। ਚਾਹਵਾਨ ਲੜਕੀਆਂ ਸਮੇਂ ਸਿਰ ਪਹੁੰਚਣ ਅਤੇ ਮੈਰਿਜ ਬਿਊਰੋ ਫੋਨ ਨਾ ਕਰਨ। ਇਸ ਅਜੀਬ ਮੁਕਾਬਲੇ ਤੇ ਅਜੀਬ ਪੇਸ਼ਕਸ਼ ਦੀ ਖੂਬ ਚਰਚਾ ਚੱਲ ਰਹੀ ਹੈ। ਭਾਵੇਂ ਇਹ ਪੋਸਟਰ ਕਈ ਦਿਨਾਂ ਦੇ ਲੱਗੇ ਹੋਏ ਹਨ ਪਰ ਹੁਣ ਇਹ ਮਾਮਲਾ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਣ ਤੋਂ ਬਾਅਦ ਪ੍ਰਬੰਧਕਾਂ ਨੂੰ ਲੋਕ ਕੋਸ ਰਹੇ ਹਨ। ਹਾਲਾਂਕਿ ਅਜੇ ਤਕ ਇਸ ਪ੍ਰੋਗਰਾਮ ਦੇ ਪ੍ਰਬੰਧਕਾਂ ਦੀ ਕੋਈ ਜਾਣਕਾਰੀ ਨਹੀਂ ਮਿਲ ਸਕੀ। ਇਲਾਕੇ ਦੇ ਸਮਾਜ ਸੇਵੀ ਆਗੂਆਂ ਮੁਤਾਬਕ, ‘‘ਇੰਝ ਲੱਗਦਾ ਹੈ ਕਿ ਜਿਵੇਂ ਪ੍ਰਬੰਧਕ ਜਾਤ ਪਾਤ ਨੂੰ ਉਤਸ਼ਾਹਤ ਕਰ ਰਹੇ ਹਨ ਤੇ ਪੁਲਿਸ ਨੂੰ ਡੰਘਾਈ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ’’।
ਹੈਰਾਨੀ ਇਸ ਗੱਲ ਹੈ ਕਿ ਪੋਸਟਰ ’ਤੇ ਲਿਖੇ ਗਏ ਮੋਬਾਈਲ ਨੰਬਰਾਂ ’ਤੇ ਸੰਪਰਕ ਕਰਨ ਦਾ ਯਤਨ ਕੀਤਾ ਗਿਆ ਪਰ ਦੋਵੇਂ ਨੰਬਰ ਬੰਦ ਆਉਂਦੇ ਰਹੇ। ਦੂਜੇ ਪਾਸੇ ਇਹ ਮਾਮਲਾ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਬਣਨ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹੋਟਲ ਦੇ ਮਾਲਕ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਅਜਿਹਾ ਕੋਈ ਪ੍ਰੋਗਰਾਮ ਬੁੱਕ ਨਹੀਂ ਹੈ। ਉਹ ਖ਼ੁਦ ਪੁਲਿਸ ਕੋਲ ਪ੍ਰਬੰਧਕਾਂ ਬਾਰੇ ਸ਼ਿਕਾਇਤ ਕਰ ਰਹੇ ਹਨ। ਉਨ੍ਹਾਂ ਦੇ ਹੋਟਲ ਦਾ ਨਾਂ ਵਰਤਿਆ ਗਿਆ ਹੈ। ਐੱਸਐੱਸਪੀ ਬਠਿੰਡਾ ਜੇ ਇਲਨਚੇਲੀਅਨ ਦਾ ਕਹਿਣਾ ਸੀ, ‘‘ਇਹ ਮਾਮਲਾ ਧਿਆਨ ਵਿਚ ਆਇਆ ਹੈ। ਭਾਵੇਂ ਅਜੇ ਕੋਈ ਸ਼ਿਕਾਇਤ ਨਹੀਂ ਆਈ ਪਰ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਪ੍ਰਬੰਧਕਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ’’।