ਨਸ਼ੇ ਲਈ ਵਰਤੀਆਂ ਜਾਣ ਵਾਲੀਆਂ ਦਵਾਈਆਂ ਮੈਡੀਕਲ ਸਟੋਰਾਂ ’ਤੇ ਵੇਚਣ ’ਤੇ ਭਾਵੇਂ ਸਿਹਤ ਵਿਭਾਗ ਨੇ ਪਾਬੰਦੀ ਲਗਾ ਦਿੱਤੀ ਹੈ ਪਰ ਅਜਿਹੀਆਂ ਪਾਬੰਦੀਸ਼ੁਦਾ ਦਵਾਈਆਂ ਆਨਲਾਈਨ ਬੇਖੌਫ ਵੇਚੀਆਂ ਜਾ ਰਹੀਆਂ ਹਨ। ਪਾਬੰਦੀਸ਼ੁਦਾ ਅਜਿਹੀਆਂ ਦਵਾਈਆਂ ਆਰਡਰ ’ਤੇ ਹੀ ਮੁਹੱਈਆ ਨਹੀਂ ਕਰਵਾਈਆਂ ਜਾ ਰਹੀਆਂ ਸਗੋਂ ਉਨ੍ਹਾਂ ਦੀ ਹੋਮ ਡਲਿਵਰੀ ਵੀ ਕੀਤੀ ਜਾ ਰਹੀ ਹੈ।
ਅਜਿਹਾ ਹੀ ਮਾਮਲਾ ਬਠਿੰਡਾ ਵਿਚ ਸਾਹਮਣੇ ਆਇਆ ਹੈ। ਬਠਿੰਡਾ ਮਲੋਟ ਰੋਡ ’ਤੇ ਸਥਿਤ ਪ੍ਰਾਈਵੇਟ ਕੰਪਨੀ ਵੱਲੋਂ ਪਾਬੰਦੀਸ਼ੁਦਾ ਦਵਾਈਆਂ ਦੀ ਆਨਲਾਈਨ ਡਲਿਵਰੀ ਕੀਤੀ ਜਾ ਰਹੀ ਸੀ। ਕੰਪਨੀ ਵੱਲੋਂ ਆਰਡਰ ਦੇਣ ਵਾਲਿਆਂ ਨੂੰ 20 ਤੋਂ 30 ਫੀਸਦੀ ਮਾਰਕੀਟ ਰੇਟ ਤੋਂ ਘੱਟ ਰੇਟ ’ਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਸ਼ਿਕਾਇਤ ਮਿਲਣ ਤੋਂ ਬਾਅਦ ਸ਼ਨਿਚਰਵਾਰ ਨੂੰ ਸਿਹਤ ਵਿਭਾਗ ਦੀ ਡਰੱਗ ਟੀਮ ਨੇ ਕੰਪਨੀ ਦੇ ਸ਼ੋਅਰੂਮ ’ਤੇ ਛਾਪਾ ਮਾਰ ਕੇ ਚੈਕਿੰਗ ਕੀਤੀ। ਇਸ ਦੌਰਾਨ ਡਰੱਗ ਟੀਮ ਨੇ ਸ਼ੋਅਰੂਮ ’ਚੋਂ 8 ਤੋਂ 10 ਹਜ਼ਾਰ ਦੇ ਕਰੀਬ ਨਸ਼ੀਲੀਆਂ ਦਵਾਈਆਂ ਵਾਲੇ ਵੱਖ-ਵੱਖ ਕੰਪਨੀਆਂ ਦੇ ਪੱਤੇ ਬਰਾਮਦ ਕੀਤੇ ਜਿਨ੍ਹਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ ਡਰੱਗ ਵਿਭਾਗ ਦੇ ਅਧਿਕਾਰੀ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਵਿਭਾਗ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ। ਉਸ ਦੇ ਡਰੱਗ ਲਾਇਸੈਂਸ ਤੋਂ ਇਲਾਵਾ ਬਰਾਮਦ ਹੋਈਆਂ ਦਵਾਈਆਂ ਦੇ ਬਿੱਲ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੁਝ ਕਿਹਾ ਜਾ ਸਕੇਗਾ। ਡਰੱਗ ਇੰਸਪੈਕਟਰਾਂ ਦਾ ਕਹਿਣਾ ਹੈ ਕਿ ਕੰਪਨੀ ਉਪਰੋਕਤ ਦਵਾਈਆਂ ਨੂੰ ਆਨਲਾਈਨ ਵੇਚ ਰਹੀ ਹੈ।