ਆਲ ਪੰਜਾਬ ਆਂਗਨਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਕਮੇਟੀ ਤੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੇ ਸੱਦੇ ‘ਤੇ ਬਲਾਕ ਪੱਟੀ ਵੱਲੋਂ ਬਲਾਕ ਪ੍ਰਧਾਨ ਬੇਅੰਤ ਕੌਰ ਪੱਟੀ ਦੀ ਅਗਵਾਈ ਹੇਠ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਤੇ ਮਸਲਿਆਂ ਨੂੰ ਲੈ ਕੇ ਬਲਾਕ ਪੱਧਰੀ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਦੇ ਨਾਂ ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪੇ ਗਏ ਭੇਜੇ। ਵੱਡੀ ਗਿਣਤੀ ‘ਚ ਇਕੱਤਰ ਹੋਈਆਂ ਵਰਕਰਾਂ ਤੇ ਹੈਲਪਰਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਆਈਸੀਡੀਐੱਸ ਸਕੀਮ ਨੂੰ 2 ਅਕਤੂਬਰ 1975 ਨੂੰ ਚਾਲੂ ਕੀਤਾ ਗਿਆ ਸੀ।
ਇਸ ਸਕੀਮ ‘ਚ ਇਸ ਵੇਲੇ 28 ਲੱਖ ਵਰਕਰਾਂ ਤੇ ਹੈਲਪਰਾਂ ਕੰਮ ਕਰ ਰਹੀਆਂ ਹਨ, ਜਿਨਾਂ੍ਹ ਨੂੰ ਕੰਮ ਕਰਦਿਆਂ 47 ਸਾਲ ਬੀਤ ਚੁੱਕੇ ਹਨ। ਪਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵਰਕਰਾਂ ਤੇ ਹੈਲਪਰਾਂ ਨੂੰ ਪੱਕਾ ਨਹੀਂ ਕੀਤਾ ਗਿਆ ਤੇ ਨਾ ਹੀ ਘੱਟੋ ਘੱਟ ਉੱਜਰਤਾਂ ਨੂੰ ਲਾਗੂ ਕੀਤਾ ਗਿਆ ਹੈ। ਨਾ ਹੀ ਗੁਜ਼ਾਰੇ ਯੋਗ ਸਨਮਾਨਜਨਕ ਭੱਤਾ ਦਿੱਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਵੱਲੋਂ ਕੇਵਲ 4500 ਰੁਪਏ ਵਰਕਰ ਨੂੰ ਤੇ 2250 ਰੁਪਏ ਹੈਲਪਰ ਨੂੰ ਦਿੱਤੇ ਜਾ ਰਹੇ ਹਨ। ਇਸ ਵਿਚ ਵੀ ਕੇਂਦਰ ਸਰਕਾਰ ਕੇਵਲ 60 ਫੀਸਦੀ ਹਿੱਸਾ ਹੀ ਪਾ ਰਹੀ ਹੈ। ਜਦੋਂ ਕਿ ਬਾਕੀ 40 ਫੀਸਦੀ ਹਿੱਸਾ ਸੂਬਾ ਸਰਕਾਰਾਂ ਤੋਂ ਪਾਇਆ ਜਾ ਰਿਹਾ ਹੈ।