ਦਿੱਲੀ ‘ਚ ਲਗਾਤਾਰ ਹੋ ਰਹੀ ਬਾਰਿਸ਼ ਵਿਚਾਲੇ ਭਾਰਤੀ ਟੀਮ ਮੰਗਲਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਆਖ਼ਰੀ ਵਨ ਡੇ ਜਿੱਤਣ ਉਤਰੇਗੀ। ਮੰਗਲਵਾਰ ਨੂੰ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪਹਿਲੇ ਮੈਚ ਵਿਚ ਥੋੜ੍ਹੇ ਫ਼ਰਕ ਨਾਲ ਹਾਰ ਤੋਂ ਬਾਅਦ ਭਾਰਤ ਦੀ ਦੂਜੇ ਦਰਜੇ ਦੀ ਟੀਮ ਨੇ ਦੂਜੇ ਵਨ ਡੇ ਵਿਚ ਸੱਤ ਵਿਕਟਾਂ ਨਾਲ ਜਿੱਤ ਦਰਜ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਕੀਤੀ। ਇਕ ਵਾਰ ਮੁੜ ਭਾਰਤੀ ਪ੍ਰਸ਼ੰਸਕ ਸ਼੍ਰੇਅਸ ਅਈਅਰ ਤੇ ਇਸ਼ਾਨ ਕਿਸ਼ਨ ਦੀ ਬਿਹਤਰੀਨ ਬੱਲੇਬਾਜ਼ੀ ਦਾ ਨਮੂਨਾ ਦੇਖਣਾ ਚਾਹੁਣਗੇ। ਭਾਰਤ ਦੀ ਮੁੱਖ ਟੀਮ ਟੀ-20 ਵਿਸ਼ਵ ਕੱਪ ਦੀਆਂ ਤਿਆਰੀਆਂ ਲਈ ਆਸਟ੍ਰੇਲੀਆ ਵਿਚ ਹੈ। ਇਸ ਕਾਰਨ ਸ਼ਿਖਰ ਧਵਨ ਦੀ ਕਪਤਾਨੀ ਵਿਚ ਵਨ ਡੇ ਟੀਮ ਦੱਖਣੀ ਅਫਰੀਕਾ ਦੀ ਮੁੱਖ ਟੀਮ ਖ਼ਿਲਾਫ਼ ਖੇਡ ਰਹੀ ਹੈ।
ਦੱਖਣੀ ਅਫਰੀਕੀ ਟੀਮ ਆਸਟ੍ਰੇਲੀਆ ਦੀ ਥਾਂ ਭਾਰਤ ਵਿਚ ਹੀ ਅਭਿਆਸ ਕਰ ਰਹੀ ਹੈ। ਅਗਲੇ ਸਾਲ ਭਾਰਤ ਵਿਚ ਹੀ ਵਨ ਡੇ ਵਿਸ਼ਵ ਕੱਪ ਹੋਣਾ ਹੈ ਤੇ ਇਸ ਕਾਰਨ ਇਹ ਵਨ ਡੇ ਸੀਰੀਜ਼ ਧਵਨ ਲਈ ਬਹੁਤ ਮਹੱਤਵਪੂਰਨ ਹੈ। ਧਵਨ ਇਸ ਸਮੇਂ ਸਿਰਫ਼ ਵਨ ਡੇ ਫਾਰਮੈਟ ਵਿਚ ਹੀ ਭਾਰਤੀ ਟੀਮ ਦਾ ਹਿੱਸਾ ਹਨ ਤੇ ਉਹ ਦੌੜਾਂ ਬਣਾ ਕੇ ਇਸ ਫਾਰਮੈਟ ਵਿਚ ਬਣੇ ਰਹਿ ਸਕਦੇ ਹਨ। ਇਸ ਕਾਰਨ ਉਨ੍ਹਾਂ ਕੋਲ ਅਗਲੇ ਸਾਲ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਵਿਚ ਖੇਡਣ ਦੀ ਸੰਭਾਵਨਾ ਬਣੀ ਰਹੇਗੀ। ਧਵਨ ਸੀਰੀਜ਼ ਵਿਚ ਹੁਣ ਤਕ ਸਿਰਫ਼ 17 ਦੌੜਾਂ ਬਣਾ ਸਕੇ ਹਨ। ਗਿੱਲ ਸਿਖਰਲੇ ਨੰਬਰ ਵਿਚ ਮਿਲ ਰਹੇ ਮੌਕਿਆਂ ਦਾ ਪੂਰਾ ਫ਼ਾਇਦਾ ਨਹੀਂ ਉਠਾ ਪਾ ਰਹੇ ਹਨ। ਪਹਿਲੇ ਮੈਚ ਵਿਚ ਸਸਤੇ ਵਿਚ ਆਊਟ ਹੋਣ ਤੋਂ ਬਾਅਦ ਦੂਜੇ ਵਨ ਡੇ ਵਿਚ ਉਹ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿਚ ਨਹੀਂ ਬਦਲ ਸਕੇ।
ਭਾਰਤੀ ਮੱਧਕ੍ਰਮ ਵਿਚ ਅਈਅਰ, ਕਿਸ਼ਨ ਤੇ ਸੰਜੂ ਸੈਮਸਨ ਸ਼ਾਮਲ ਹਨ। ਅਈਅਰ ਤੇ ਸੈਮਸਨ ਨੇ ਜਿੱਥੇ ਆਪਣੇ ਪ੍ਰਦਰਸ਼ਨ ਵਿਚ ਨਿਰੰਤਰਤਾ ਦਿਖਾਈ ਹੈ ਉਥੇ ਕਿਸ਼ਨ ਸ਼ਾਨਦਾਰ ਲੈਅ ਵਿਚ ਦਿਖ ਰਹੇ ਹਨ। ਭਾਰਤੀ ਟੀਮ ਮੈਨੇਜਮੈਂਟ ਜਦ ਵਨ ਡੇ ਵਿਸ਼ਵ ਕੱਪ ਲਈ ਖਿਡਾਰੀਆਂ ਨੂੰ ਅਜ਼ਮਾਅ ਰਹੀ ਹੈ ਤਦ ਇਹ ਤਿੰਨੇ ਆਪਣੀ ਲੈਅ ਕਾਇਮ ਰੱਖਣ ਦੀ ਪੂਰੀ ਕੋਸ਼ਿਸ਼ ਕਰਨਗੇ। ਗੇਂਦਬਾਜ਼ੀ ਵਿਚ ਮੁਹੰਮਦ ਸਿਰਾਜ ਨੇ ਜ਼ਖ਼ਮੀ ਜਸਪ੍ਰਰੀਤ ਬੁਮਰਾਹ ਦੀ ਥਾਂ ਟੀ-20 ਵਿਸ਼ਵ ਕੱਪ ਲਈ ਟੀਮ ਵਿਚ ਥਾਂ ਬਣਾਉਣ ਦਾ ਮਜ਼ਬੂਤ ਦਾਅਵਾ ਪੇਸ਼ ਕੀਤਾ ਹੈ। ਸਪਿੰਨਰ ਸ਼ਾਹਬਾਜ਼ ਅਹਿਮਦ ਤੇ ਰਵੀ ਬਿਸ਼ਨੋਈ ਨੇ ਵੀ ਸ਼ੁਰੂਆਤੀ ਮੈਚ ਵਿਚ ਚੰਗਾ ਪ੍ਰਦਰਸ਼ਨ ਕੀਤਾ।
ਦੱਖਣੀ ਅਫਰੀਕਾ ਲਈ ਇਹ ਸੀਰੀਜ਼ ਅਗਲੇ ਸਾਲ ਹੋਣ ਵਾਲੇ ਵਿਸ਼ਵ ਕੱਪ ਦੇ ਨਜ਼ਰੀਏ ਨਾਲ ਕਾਫੀ ਮਹੱਤਵਪੂਰਨ ਹੈ। ਉਹ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਸੁਪਰ ਲੀਗ ਵਿਚ ਕੁਝ ਅੰਕ ਆਪਣੇ ਖਾਤੇ ਵਿਚ ਜੋੜਨ ਦੀ ਪੂਰੀ ਕੋਸ਼ਿਸ਼ ਕਰੇਗਾ। ਦੱਖਣੀ ਅਫਰੀਕਾ ਅਜੇ ਰੈਂਕਿੰਗ ਵਿਚ 11ਵੇਂ ਨੰਬਰ ‘ਤੇ ਹੈ ਤੇ ਉਹ 50 ਓਵਰਾਂ ਲਈ ਵਿਸ਼ਵ ਕੱਪ ਲਈ ਸਿੱਧਾ ਕੁਆਲੀਫਾਈ ਕਰਨ ਦੀ ਸਥਿਤੀ ਵਿਚ ਨਹੀਂ ਦਿਖਾਈ ਦੇ ਰਿਹਾ। ਕਪਤਾਨ ਤੇਂਬਾ ਬਾਵੁਮਾ ਖ਼ਰਾਬ ਲੈਅ ਵਿਚ ਚੱਲ ਰਹੇ ਹਨ। ਉਨ੍ਹਾਂ ਨੂੰ ਬਿਮਾਰ ਹੋਣ ਕਾਰਨ ਦੂਜੇ ਵਨ ਡੇ ਵਿਚ ਆਰਾਮ ਦਿੱਤਾ ਗਿਆ ਸੀ ਤੇ ਦੇਖਣਾ ਪਵੇਗਾ ਕਿ ਉਹ ਫ਼ੈਸਲਾਕੁਨ ਮੈਚ ਵਿਚ ਵਾਪਸੀ ਕਰਦੇ ਹਨ ਜਾਂ ਨਹੀਂ। ਕਾਰਜਕਾਰੀ ਕਪਤਾਨ ਕੇਸ਼ਵ ਮਹਾਰਾਜ ਨੇ ਦੂਜੇ ਵਨ ਡੇ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਗ਼ਲਤ ਫ਼ੈਸਲਾ ਕੀਤਾ ਕਿਉਂਕਿ ਬਾਅਦ ਵਿਚ ਗੇਂਦਬਾਜ਼ੀ ਕਰਦੇ ਹੋਏ ਤਰੇਲ ਕਾਰਨ ਦੱਖਣੀ ਅਫਰੀਕੀ ਗੇਂਦਬਾਜ਼ਾਂ ਨੂੰ ਕਾਫੀ ਪਰੇਸ਼ਾਨੀ ਹੋਈ ਸੀ। ਇਸ ਦੇ ਬਾਵਜੂਦ ਦੱਖਣੀ ਅਫਰੀਕਾ ਵੀ ਫ਼ੈਸਲਾਕੁਨ ਮੈਚ ਵਿਚ ਕਿਸੇ ਤਰ੍ਹਾਂ ਦੀ ਕਸਰ ਨਹੀਂ ਛੱਡੇਗਾ। ਉਸ ਵੱਲੋਂ ਬੱਲੇਬਾਜ਼ੀ ਵਿਚ ਅਜੇ ਤਕ ਕਵਿੰਟਨ ਡਿਕਾਕ, ਏਡੇਨ ਮਾਰਕਰੈਮ ਤੇ ਡੇਵਿਡ ਮਿਲਰ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।
ਭਾਰਤ : ਸ਼ਿਖਰ ਧਵਨ (ਕਪਤਾਨ), ਸ਼ੁਭਮਨ ਗਿੱਲ, ਰੁਤੂਰਾਜ ਗਾਇਕਵਾੜ, ਇਸ਼ਾਨ ਕਿਸ਼ਨ, ਸ਼੍ਰੇਅਸ ਅਈਅਰ, ਸੰਜੂ ਸੈਮਸਨ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਆਵੇਸ਼ ਖ਼ਾਨ, ਰਵੀ ਬਿਸ਼ਨੋਈ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਮੁਕੇਸ਼ ਕੁਮਾਰ, ਰਜਤ ਪਾਟੀਦਾਰ, ਸ਼ਾਹਬਾਜ਼ ਅਹਿਮਦ ਤੇ ਰਾਹੁਲ ਤਿ੍ਪਾਠੀ।
ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਜੇਨਮਨ ਮਲਾਨ, ਕਵਿੰਟਨ ਡਿਕਾਕ, ਏਡੇਨ ਮਾਕਰੈਮ, ਹੈਨਰਿਕ ਕਲਾਸੇਨ, ਡੇਵਿਡ ਮਿਲਰ, ਵੇਨ ਪਾਰਨੇਲ, ਕੇਸ਼ਵ ਮਹਾਰਾਜ, ਕੈਗਿਸੋ ਰਬਾਦਾ, ਲੁੰਗੀ ਨਗੀਦੀ, ਤਬਰੇਜ਼ ਸ਼ਮਸੀ, ਰੀਜਾ ਹੈਂਡਿ੍ਕਸ, ਮਾਰਕੋ ਜੇਨਸੇਨ, ਐਨਰਿਚ ਨਾਰਤਜੇ ਤੇ ਏਂਦਿਲ ਫੇਲੁਕਵਾਇਓ।