ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਖਤਮ ਕਰਨ ਅਤੇ ਮਾੜੇ ਸਿਸਟਮ ਵਿੱਚ ਸੁਧਾਰ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਦੂਜੇ ਸਿਹਤ ਮੰਤਰੀ ਨੇ ਆਮ ਆਦਮੀ ਪਾਰਟੀ ਦੀ ਹਾਲਤ ਕਸੂਤੀ ਬਣਾ ਦਿੱਤੀ ਹੈ। ਚਰਚਾ ਹੈ ਕਿ ਵਿਜੈ ਸਿੰਗਲਾ ਤੋਂ ਬਾਅਧ ਹੁਣ ਨਵੇਂ ਬਣੇ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਵੀ ਛੁੱਟੀ ਹੋ ਸਕਦੀ ਹੈ।
ਦੱਸ ਦਈਏ ਕਿ ਪਹਿਲਾਂ ਸਿਹਤ ਮੰਤਰੀ ਵਿਜੈ ਸਿੰਗਲਾ ਭ੍ਰਿਸ਼ਟਾਚਾਰ ਦੇ ਕੇਸ ਵਿੱਚ ਘਿਰ ਗਏ ਜਿਸ ਕਰਕੇ ਉਨ੍ਹਾਂ ਨੂੰ ਬਰਖਾਸਤ ਕਰਨਾ ਪਿਆ। ਇਸ ਮਗਰੋਂ ਚੇਤਨ ਸਿੰਘ ਜੌੜੇਮਾਜਰਾ ਨੂੰ ਸਿਹਤ ਮੰਤਰੀ ਬਣਾਇਆ ਗਿਆ ਜੋ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ. ਰਾਜ ਕੁਮਾਰ ਨਾਲ ਉਲਝ ਗਏ। ਇਸ ਨਾਲ ਪਾਰਟੀ ਦੀ ਕਸੂਤੀ ਹਾਲਤ ਬਣ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਇਸ ਵੇਲੇ ਸਿਹਤ ਮੰਤਰੀ ਚੇਤਨ ਜੌੜੇਮਾਜਰਾ ਵੱਲੋਂ ‘ਆਪ’ ਸਰਕਾਰ ਦੀ ਕਰਵਾਈ ਕਿਰਕਿਰੀ ਤੋਂ ਖ਼ਫ਼ਾ ਹਨ। ਸਿਹਤ ਮੰਤਰੀ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੇ ਵਾਈਸ ਚਾਂਸਲਰ ਡਾ.ਰਾਜ ਕੁਮਾਰ ਪ੍ਰਤੀ ਦਿਖਾਏ ਵਤੀਰੇ ਤੋਂ ‘ਆਪ’ ਦੀ ਹਾਈਕਮਾਨ ਵੀ ਨਾਖ਼ੁਸ਼ ਹੈ। ਸੂਤਰਾਂ ਅਨੁਸਾਰ ਸਿਹਤ ਮੰਤਰੀ ਚੇਤਨ ਜੌੜੇਮਾਜਰਾ ਬੀਤੇ ਦਿਨ ਮੁੱਖ ਮੰਤਰੀ ਰਿਹਾਇਸ਼ ’ਤੇ ਗਏ ਸਨ, ਪਰ ਮੁੱਖ ਮੰਤਰੀ ਉਨ੍ਹਾਂ ਨੂੰ ਨਹੀਂ ਮਿਲੇ। ਖ਼ਬਰਾਂ ਆ ਰਹੀਆਂ ਹਨ ਕਿ ਸਿਹਤ ਮੰਤਰੀ ਜੌੜੇਮਾਜਰਾ ਦੇ ਮਹਿਕਮੇ ਵਿੱਚ ਫੇਰਬਦਲ ਹੋ ਸਕਦਾ ਹੈ।