ਸਪੋਰਟਸ ਡੈਸਕ
ਟੀਮ ਇੰਡੀਆ ਅਤੇ ਕ੍ਰਿਕਟ ਪ੍ਰੇਮੀਆਂ ਲਈ ਰਾਹਤ ਭਰੀ ਖ਼ਬਰ ਆਈ ਹੈ। ਭਾਰਤੀ ਕਪਤਾਨ ਸ਼ੁਭਮਨ ਗਿੱਲ, ਜੋ ਦੱਖਣੀ ਅਫਰੀਕਾ ਵਿਰੁੱਧ ਪਹਿਲੇ ਟੈਸਟ ਦੌਰਾਨ ਗਰਦਨ ਦੀ ਸੱਟ ਕਾਰਨ ਹਸਪਤਾਲ ਵਿੱਚ ਦਾਖਲ ਸਨ, ਨੂੰ ਅੱਜ ਛੁੱਟੀ ਮਿਲ ਗਈ ਹੈ।
ਗਿੱਲ ਦੀ ਹਾਲਤ ਬਾਰੇ ਅੱਜ ਕ੍ਰਿਕਟ ਐਸੋਸੀਏਸ਼ਨ ਆਫ਼ ਬੰਗਾਲ (CAB) ਦੇ ਪ੍ਰਧਾਨ ਅਤੇ ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਵੁੱਡਲੈਂਡਜ਼ ਮਲਟੀਸਪੈਸ਼ਲਟੀ ਹਸਪਤਾਲ ਵਿੱਚ ਜਾ ਕੇ ਜਾਣਕਾਰੀ ਲਈ। ਗਿੱਲ ਪਹਿਲੇ ਟੈਸਟ ਦੇ ਦੂਜੇ ਦਿਨ ਬੱਲੇਬਾਜ਼ੀ ਕਰਦੇ ਹੋਏ ਜ਼ਖ਼ਮੀ ਹੋਏ ਸਨ ਅਤੇ ਫਿਰ ਤੀਜੇ ਦਿਨ ਦੇ ਖੇਡ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਹਨਾਂ ਨੂੰ ਮੈਚ ਤੋਂ ਬਾਹਰ ਕਰ ਦਿੱਤਾ ਗਿਆ ਸੀ।
ਦੱਖਣੀ ਅਫ਼ਰੀਕਾ ਵਿਰੁੱਧ ਪਹਿਲਾ ਟੈਸਟ ਭਾਰਤ 30 ਦੌੜਾਂ ਨਾਲ ਹਾਰ ਗਿਆ ਸੀ ਅਤੇ ਦੋ ਮੈਚਾਂ ਦੀ ਲੜੀ ਵਿੱਚ ਮਿਹਮਾਨ ਟੀਮ 1-0 ਨਾਲ ਅੱਗੇ ਹੈ। ਹੁਣ ਸਭ ਦੀ ਨਜ਼ਰ 22 ਨਵੰਬਰ ਤੋਂ ਗੁਹਾਟੀ ਵਿੱਚ ਸ਼ੁਰੂ ਹੋਣ ਵਾਲੇ ਦੂਜੇ ਟੈਸਟ ‘ਤੇ ਹੈ। ਹਾਲਾਂਕਿ, ਗਿੱਲ ਦੇ ਖੇਡਣ ਬਾਰੇ ਅਜੇ ਤੱਕ ਟੀਮ ਮੈਨੇਜਮੈਂਟ ਨੇ ਕੋਈ ਅੰਤਿਮ ਫੈਸਲਾ ਨਹੀਂ ਲਿਆ।
ਭਾਰਤੀ ਟੀਮ ਮੰਗਲਵਾਰ ਨੂੰ ਗੁਹਾਟੀ ਲਈ ਰਵਾਨਾ ਹੋਵੇਗੀ ਅਤੇ ਉਮੀਦ ਹੈ ਕਿ ਗਿੱਲ ਦੀ ਹਾਲਤ ਨੂੰ ਵੇਖਦੇ ਹੋਏ ਅਗਲੇ 24–48 ਘੰਟਿਆਂ ਵਿੱਚ ਸਪਸ਼ਟਤਾ ਆ ਜਾਵੇਗੀ।