ਫਾਜ਼ਿਲਕਾ
ਗਿੱਦੜਬਾਹਾ ਵਿੱਚ ਪੰਜਾਬੀ ਜਾਗਰਣ ਅਤੇ ਸੱਚਬਾਣੀ ਨਿਊਜ਼ ਦੇ ਸੀਈਓ ਅਤੇ ਸੀਨੀਅਰ ਪੱਤਰਕਾਰ ਰਣਜੀਤ ਸਿੰਘ ਗਿੱਲ ਉੱਤੇ ਖ਼ਬਰ ਇਕੱਠੀ ਕਰਦੇ ਸਮੇਂ ਹੋਏ ਹਮਲੇ ਨੇ ਪੱਤਰਕਾਰ ਭਾਈਚਾਰੇ ਵਿੱਚ ਗੰਭੀਰ ਚਿੰਤਾ ਪੈਦਾ ਕਰ ਦਿੱਤੀ ਹੈ। ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਸੂਬਾ ਕਾਰਜਕਾਰੀ ਪ੍ਰਧਾਨ, ਸੂਬਾ RTI ਇੰਚਾਰਜ ਅਤੇ ਫਾਜ਼ਿਲਕਾ ਜ਼ਿਲ੍ਹਾ ਚੇਅਰਮੈਨ ਸੁਨੀਲ ਸੈਨ ਨੇ ਇਸ ਘਟਨਾ ਦੀ ਕੜੀ ਨਿੰਦਾ ਕੀਤੀ ਹੈ ਅਤੇ ਇਸਨੂੰ “ਬਹੁਤ ਮੰਦਭਾਗਾ ਅਤੇ ਲੋਕਤੰਤਰਕ ਮੂਲ ਅਧਿਕਾਰਾਂ ‘ਤੇ ਸਿੱਧਾ ਹਮਲਾ” ਕਰਾਰ ਦਿੱਤਾ ਹੈ।
ਪ੍ਰੈਸ ਨੋਟ ਜਾਰੀ ਕਰਦੇ ਹੋਏ ਸੁਨੀਲ ਸੈਨ ਨੇ ਐਲਾਨ ਕੀਤਾ ਕਿ ਰਣਜੀਤ ਸਿੰਘ ਗਿੱਲ ਲਈ ਪੰਜਾਬ ਪੱਧਰ ‘ਤੇ ਪੂਰੀ ਹਮਾਇਤ ਖੜ੍ਹੀ ਕੀਤੀ ਜਾਵੇਗੀ। ਉਹਨਾਂ ਕਿਹਾ:
“ਜਿਸ ਦਿਨ ਦੇਸ਼ ਭਰ ਵਿੱਚ ਕੌਮੀ ਪ੍ਰੈਸ ਦਿਵਸ ਮਨਾਇਆ ਜਾ ਰਿਹਾ ਸੀ ਅਤੇ ਸਰਕਾਰ ਖੁਦ ਪੱਤਰਕਾਰਾਂ ਨੂੰ ਮੁਬਾਰਕਬਾਦ ਦੇ ਰਹੀ ਸੀ, ਉਸੇ ਦਿਨ ਇੱਕ ਪੱਤਰਕਾਰ ’ਤੇ ਹਮਲਾ ਹੋਣਾ ਸੂਬੇ ਦੀ ਸਥਿਤੀ ਬਾਰੇ ਬਹੁਤ ਕੁਝ ਬਿਆਨ ਕਰਦਾ ਹੈ।”
ਉਹਨਾਂ ਅੱਗੇ ਕਿਹਾ ਕਿ ਪੱਤਰਕਾਰ ਹੀ ਉਹ ਕੜੀ ਹੈ ਜੋ ਲੋਕਾਂ ਦੀ ਆਵਾਜ਼ ਬਣਦਾ ਹੈ ਅਤੇ ਬਿਨਾਂ ਕਿਸੇ ਦਬਾਅ ਜਾਂ ਲਾਭ ਦੇ ਸੱਚ ਨੂੰ ਸਾਹਮਣੇ ਲਿਆਉਣ ਲਈ ਕੰਮ ਕਰਦਾ ਹੈ। ਇਸ ਲਈ ਉਸ ’ਤੇ ਹਮਲਾ ਕਦੇ ਵੀ ਬਰਦਾਸ਼ਤਯੋਗ ਨਹੀਂ।
ਸੁਨੀਲ ਸੈਨ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਕੜੀ ਕਾਰਵਾਈ ਦੀ ਅਪੀਲ ਕੀਤੀ:
“ਰਣਜੀਤ ਸਿੰਘ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਦੋਸ਼ੀਆਂ ’ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਭਵਿੱਖ ਵਿੱਚ ਕੋਈ ਵੀ ਪੱਤਰਕਾਰ ’ਤੇ ਹੱਥ ਚੁੱਕਣ ਤੋਂ ਪਹਿਲਾਂ ਦਸ ਵਾਰੀ ਸੋਚੇ।”
ਉਹਨਾਂ ਇਹ ਵੀ ਕਿਹਾ ਕਿ ਪੱਤਰਕਾਰ ਭਾਈਚਾਰਾ ਰਣਜੀਤ ਸਿੰਘ ਦੇ ਪਰਿਵਾਰ ਦੇ ਹਰ ਫੈਸਲੇ ਨਾਲ ਖੜ੍ਹਾ ਹੋਵੇਗਾ। ਜੇ ਲੋੜ ਪਈ ਤਾਂ ਸੂਬਾ ਪੱਧਰੀ ਧਰਨਾ, ਰੋਸ ਮੁਜ਼ਾਹਰੇ ਅਤੇ ਹੋਰ ਸਰਗਰਮੀਆਂ ਵੀ ਕੀਤੀਆਂ ਜਾਣਗੀਆਂ।
“ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਪਿੱਛੇ ਹਟਣ ਵਾਲੀ ਨਹੀਂ। ਇਹ ਸਿਰਫ਼ ਰਣਜੀਤ ਸਿੰਘ ਦਾ ਮਾਮਲਾ ਨਹੀਂ — ਇਹ ਪੂਰੇ ਪੱਤਰਕਾਰ ਸਮਾਜ ਦੀ ਸੁਰੱਖਿਆ ਅਤੇ ਅਜ਼ਾਦੀ ਦਾ ਸਵਾਲ ਹੈ।”