ਚੰਡੀਗੜ੍ਹ
ਪੰਜਾਬ ਵਿੱਚ ਮੌਸਮ ਇੱਕ ਵਾਰ ਫਿਰ ਰੁੱਖ ਬਦਲਦਾ ਨਜ਼ਰ ਆ ਰਿਹਾ ਹੈ, ਜਿਸ ਕਾਰਨ ਲੋਕਾਂ ਨੂੰ ਦਿਨ ਵਿੱਚ ਪ੍ਰਦੂਸ਼ਣ ਅਤੇ ਰਾਤ ਵਿੱਚ ਵਧਦੀ ਠੰਡ ਦੀ ਦੋਹਰੀ ਮਾਰ ਝੱਲਣੀ ਪੈ ਰਹੀ ਹੈ। ਮੌਸਮ ਵਿਭਾਗ ਮੁਤਾਬਕ ਅਗਲੇ ਹਫ਼ਤੇ ਤੱਕ ਮੀਂਹ ਦੀ ਕੋਈ ਭਵਿੱਖਬਾਣੀ ਨਹੀਂ ਹੈ। ਅਗਲੇ 3 ਤੋਂ 4 ਦਿਨ ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ।
ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਨਵੰਬਰ ਦੇ ਅੰਤ ਜਾਂ ਦਸੰਬਰ ਦੀ ਸ਼ੁਰੂਆਤ ਵਿੱਚ ਮੀਂਹ ਪੈਣ ‘ਤੇ ਹੀ ਉਮੀਦ ਕੀਤੀ ਜਾ ਸਕਦੀ ਹੈ। ਮੀਂਹ ਨਾ ਹੋਣ ਕਾਰਨ ਪਦੂਸ਼ਣ ਦੀ ਪੱਧਰ ਜ਼ਮੀਨ ਦੇ ਨੇੜੇ ਹੀ ਟਿਕਿਆ ਰਹਿੰਦਾ ਹੈ, ਜਿਸ ਨਾਲ ਏਅਰ ਕੁਆਲਿਟੀ ਇੰਡੈਕਸ ਖਰਾਬ ਹੋ ਰਿਹਾ ਹੈ।
ਹਾਲਾਂਕਿ ਮੈਦਾਨੀ ਇਲਾਕਿਆਂ ਵਿੱਚ ਮੀਂਹ ਨਹੀਂ ਪਵੇਗਾ, ਪਰ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਤਾਜ਼ਾ ਬਰਫ਼ਬਾਰੀ ਦਾ ਅਸਰ ਪੰਜਾਬ ਵਿੱਚ ਮਹਿਸੂਸ ਹੋਵੇਗਾ। ਇਸ ਕਾਰਨ ਸੂਬੇ ਦੇ ਤਾਪਮਾਨ ਵਿੱਚ ਹਰ ਰੋਜ਼ 1–2 ਡਿਗਰੀ ਦੀ ਹਲਕੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ।
ਮੌਸਮ ਵਿਭਾਗ ਦੇ ਨਵੇਂ ਅੰਕੜਿਆਂ ਅਨੁਸਾਰ ਸੂਬੇ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਵਿੱਚ ਵੱਡਾ ਅੰਤਰ ਬਣਿਆ ਹੋਇਆ ਹੈ। ਰਾਤਾਂ ਲਗਾਤਾਰ ਠੰਡੀਆਂ ਹੋ ਰਹੀਆਂ ਹਨ, ਜਦਕਿ ਦਿਨ ਵਿੱਚ ਹਲਕੀ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ। ਇਹ ਤਬਦੀਲੀ ਮੌਸਮ ਦੇ ਬਦਲਦੇ ਰੁਝਾਨ ਅਤੇ ਪਹਾੜੀ ਮੌਸਮ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ।