ਚੰਡੀਗੜ੍ਹ
ਪੰਜਾਬ ਵਿੱਚ ਸਰਕਾਰੀ ਬੱਸ ਸੇਵਾਵਾਂ ਅੱਜ ਦੁਪਹਿਰ 12 ਵਜੇ ਤੋਂ ਪੂਰੀ ਤਰ੍ਹਾਂ ਠੱਪ ਹੋ ਸਕਦੀਆਂ ਹਨ ਕਿਉਂਕਿ ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੇ ਸੂਬਾ-ਪੱਧਰੀ ਹੜਤਾਲ ਦਾ ਐਲਾਨ ਕੀਤਾ ਹੈ। ਯੂਨੀਅਨ ਮੁਤਾਬਕ, ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਲਟਕੀਆਂ ਮੰਗਾਂ ਨਾ ਮੰਨੇ ਜਾਣ ਕਾਰਨ ਇਹ ਕਦਮ ਚੁੱਕਿਆ ਗਿਆ ਹੈ।
ਇਸ ਹੜਤਾਲ ਦਾ ਸੀਧਾ ਅਸਰ ਉਹਨਾਂ ਲੱਖਾਂ ਯਾਤਰੀਆਂ ’ਤੇ ਪੈ ਸਕਦਾ ਹੈ ਜੋ ਰੋਜ਼ਾਨਾ ਸਰਕਾਰੀ ਬੱਸਾਂ ਰਾਹੀਂ ਸਫ਼ਰ ਕਰਦੇ ਹਨ। ਯੂਨੀਅਨ ਨੇ ਦੱਸਿਆ ਹੈ ਕਿ ਅੱਜ ਤੋਂ ਸੂਬੇ ਦੇ ਸਾਰੇ ਡਿਪੂਆਂ ‘ਚ ਬੱਸਾਂ ਪੂਰੀ ਤਰ੍ਹਾਂ ਬੰਦ ਰਹਿਣਗੀਆਂ।
ਯੂਨੀਅਨ ਨੇ ਆਗਾਹ ਕੀਤਾ ਹੈ ਕਿ 18 ਨਵੰਬਰ ਨੂੰ ਉਹ ਚੰਡੀਗੜ੍ਹ ਵਿਖੇ ਇਕੱਠੇ ਹੋਣਗੇ ਅਤੇ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ, ਹੜਤਾਲ ਜਾਰੀ ਰਹੇਗੀ।
ਇਸ ਕਾਰਨ ਆਮ ਲੋਕਾਂ, ਵਿਦਿਆਰਥੀਆਂ, ਸਰਕਾਰੀ ਕਰਮਚਾਰੀਆਂ ਅਤੇ ਦਿਨ-ਦਿਹਾਡ਼ੇ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਹੜਤਾਲ ਨਾਲ ਇੰਟਰ-ਸਿਟੀ, ਇੰਟਰ-ਸਟੇਟ ਅਤੇ ਲੋਕਲ ਰੂਟ ਤਕ ਪ੍ਰਭਾਵਿਤ ਰਹਿਣਗੇ।