(ਬਠਿੰਡਾ):
ਬਠਿੰਡਾ–ਮੁਕਤਸਰ ਰੋਡ ਤੇ ਪਿੰਡ ਬੁਲਾਡੇਵਾਲਾ, ਦਿਉਣ ਦੇ ਨੇੜੇ ਬਣਾਇਆ ਗਿਆ ਨਿੱਜੀ ਸਪੋਰਟਸ ਸਕੂਲ ਬੰਦ ਕਰਨ ਦੀ ਘੋਸ਼ਣਾ ਤੋਂ ਬਾਅਦ ਮਾਪਿਆਂ ਵਿੱਚ ਭਾਰੀ ਰੋਸ ਹੈ। ਕਰੀਬ 7 ਸਾਲ ਪਹਿਲਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਇਹ ਵੱਡੀ ਬਿਲਡਿੰਗ, ਗਰਾਊਂਡ ਅਤੇ ਏਅਰ ਕੰਡੀਸ਼ਨ ਕਲਾਸਰੂਮ ਵਾਲੀ ਸੰਸਥਾ ਨੇ ਸਪੋਰਟਸ ਸਕੂਲ ਦੇ ਨਾਂ ’ਤੇ ਬੱਚਿਆਂ ਅਤੇ ਮਾਪਿਆਂ ਦੀ ਰੁਚੀ ਖਿੱਚੀ ਸੀ।
ਪਿਛਲੇ 5 ਸਾਲਾਂ ਵਿੱਚ ਸਿਰਫ ਬਠਿੰਡਾ ਹੀ ਨਹੀਂ, ਬਲਕਿ ਨਜ਼ਦੀਕੀ ਪਿੰਡਾਂ ਅਤੇ ਮੁਕਤਸਰ ਸਾਹਿਬ ਤੋਂ ਵੀ ਵਿਦਿਆਰਥੀ ਇੱਥੇ ਦਾਖਲ ਹੋਏ। ਲਗਪਗ 500 ਤੋਂ ਵੱਧ ਬੱਚੇ ਨਰਸਰੀ ਤੋਂ ਦਸਵੀਂ ਤੱਕ ਇੱਥੇ ਪੜ੍ਹ ਰਹੇ ਸਨ। ਸ਼ਹਿਰ ਤੋਂ ਦੂਰ ਇੱਕਾਂਤ ਮਾਹੌਲ ਅਤੇ ਆਧੁਨਿਕ ਸਹੂਲਤਾਂ ਨੂੰ ਮਾਪਿਆਂ ਨੇ ਵੱਡਾ ਫਾਇਦਾ ਮੰਨਿਆ।
ਪਰ ਸਕੂਲ ਪ੍ਰਬੰਧਕਾਂ ਵੱਲੋਂ ਅਚਾਨਕ ਇਹ ਐਲਾਨ ਕੀਤਾ ਗਿਆ ਕਿ ਮੌਜੂਦਾ ਸੈਸ਼ਨ ਹੀ ਆਖਰੀ ਹੋਵੇਗਾ ਅਤੇ ਮਾਰਚ 2026 ਤੋਂ ਬਾਅਦ ਸਕੂਲ ਬੰਦ ਕਰ ਦਿੱਤਾ ਜਾਵੇਗਾ। ਐਲਾਨ ਤੋਂ ਬਾਅਦ ਬੱਚਿਆਂ ਅਤੇ ਮਾਪਿਆਂ ਵਿੱਚ ਚਿੰਤਾ ਅਤੇ ਨਿਰਾਸ਼ਾ ਫੈਲ ਗਈ ਹੈ।
ਮਾਪਿਆਂ ਦਾ ਕਹਿਣਾ ਹੈ ਕਿ ਉਹਨਾਂ ਨੇ 30–35 ਹਜ਼ਾਰ ਰੁਪਏ ਦਾਖਲਾ ਫੀਸ ਦੇ ਤੌਰ ’ਤੇ ਭਰੀ, ਜਦਕਿ ਹੁਣ ਉਹਨਾਂ ਨੂੰ ਨਵੇਂ ਸਕੂਲ ਵਿੱਚ ਮੁੜੋਂ ਫੀਸ ਭਰਨੀ ਪਵੇਗੀ। ਸਕੂਲ ਮਾਲਕਾਂ ਨੇ ਬੱਚਿਆਂ ਦਾ ਭਵਿੱਖ ਅਤੇ ਮਾਪਿਆਂ ਦਾ ਭਰੋਸਾ ਤਿਆਗ ਕੇ ਸਿਰਫ਼ ਆਪਣੇ ਮੁਨਾਫ਼ੇ ਲਈ ਇਸ ਇਮਾਰਤ ਨੂੰ ਹੋਰ ਕਾਰੋਬਾਰ ਵਿੱਚ ਬਦਲਣ ਦਾ ਫੈਸਲਾ ਕਰ ਲਿਆ।
ਜਦ ਮਾਪਿਆਂ ਨੇ ਪ੍ਰਬੰਧਕਾਂ ਨਾਲ ਸਪਸ਼ਟੀਕਰਨ ਮੰਗਿਆ, ਤਾਂ ਸਕੂਲ ਪਾਸੇ ਤੋਂ ਸਿਰਫ ਇੱਕ ਹੀ ਜਵਾਬ ਮਿਲਿਆ – “ਸਾਨੂੰ ਘਾਟਾ ਪੈ ਗਿਆ ਹੈ, ਨਾ ਫੀਸ ਵਾਪਸ ਕਰੀਏ, ਨਾ ਦਾਖਲਾ ਰਿਫੰਡ।”
ਹੁਣ ਇਹ ਵੱਡਾ ਸਵਾਲ ਖੜ੍ਹਾ ਹੋ ਗਿਆ ਹੈ ਕਿ ਕੀ ਕੋਈ ਵੀ ਨਿੱਜੀ ਸਕੂਲ ਦਾਖਲੇ ਅਤੇ ਸੁਪਨੇ ਵੇਚਣ ਤੋਂ ਬਾਅਦ ਬਿਨਾਂ ਜਵਾਬਦੇਹੀ ਦੇ ਬੰਦ ਹੋ ਸਕਦਾ ਹੈ?
ਕੀ ਸਰਕਾਰ ਜਾਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਇਸ ਮਾਮਲੇ ਵਿੱਚ ਕਾਰਵਾਈ ਕਰਨਗੇ?